CHRISTIANFORT

THE NEWS SECTION

ਸਿਵਲ ਹਸਪਤਾਲ 'ਚ ਫ਼ਰਸ਼ ਉੱਤੇ ਜੰਮਿਆ ਬੱਚਾ, ਪ੍ਰਬੰਧਕ ਕਾਹਨੂੰ ਕਰਦੇ ਨੇ ਧੱਕਾ?


ਦੀਦਾਵਰ ਦਾ ਹੁਨਰ -36


ਯਾਦਵਿੰਦਰ ਸਿੰਘ

 

ਪਾਠਕ ਕ੍ਰਿਪਾ ਕਰ ਕੇ ਨੋਟ ਕਰਨ:

[ਪਹਿਲਾਂ ਇਹ ਕਾਲਮ 'ਦੀਦਾਵਰ ਦੀ ਜ਼ੁਬਾਨੀ' ਦੇ ਨਾਂਅ ਹੇਠ ਚੱਲਦਾ ਰਿਹਾ ਹੈ ਤੇ ਇਸ ਦੀਆਂ 14 ਕਿਸ਼ਤਾਂ ਬਹੁਤ ਹਰਮਨਪਿਆਰੀਆਂ ਹੋਈਆਂ ਸਨ। ਪਰ ਇਸ ਦੀ 15ਵੀਂ ਕਿਸ਼ਤ ਤੋਂ ਲੇਖਕ ਯਾਦਵਿੰਦਰ ਸਿੰਘ ਹੁਰਾਂ ਨੇ ਇਸ ਦਾ ਨਾਂਅ 'ਦੀਦਾਵਰ ਦਾ ਹੁਨਰ' ਰੱਖ ਦਿੱਤਾ ਸੀ। ਉਨ੍ਹਾਂ ਦਾ ਇਹ ਕਾਲਮ ਨਿੱਤ ਨਵੇਂ ਸਿਖ਼ਰ ਪਾਰ ਕਰਦਾ ਜਾ ਰਿਹਾ ਹੈ]

JALANDHAR:

ਸਿਵਲ ਹਸਪਤਾਲ ਲੁਧਿਆਣੇ ਵਿਚ ਉਸਾਰਿਆ ਮਦਰ ਐਂਡ ਚਾਈਲਡ ਹਸਪਤਾਲ ਮੁੜ "ਚਰਚਾ" ਵਿਚ ਹੈ. ਸਤਾਈ ਫਰਵਰੀ, ਸ਼ਨਿੱਚਰਵਾਰ ਨੂੰ ਓਥੇ ਇਨਸਾਨੀਅਤ ਵਿਰੋਧੀ 'ਦੁਰਘਟਨਾ' ਵਾਪਰੀ ਹੈ। ਜਣੇਪਾ ਕਰਾਉਣ ਲਈ ਗਈ ਗਰਭਵਤੀ ਤੀਵੀਂ ਨੂੰ ਵੇਲੇ ਸਿਰ ਦਾਖ਼ਲ ਨਹੀਂ ਕੀਤਾ ਗਿਆ ਤੇ ਟੋਇਲਟ ਦੇ ਲਾਗੇ ਲੇਬਰ ਰੂਮ ਦੇ ਗੇਟ 'ਤੇ ਉਸ ਗ਼ਰੀਬ ਔਰਤ ਨੇ ਬੱਚਾ ਜੰਮਿਆ। ਬੱਚਾ, ਫਰਸ਼ 'ਤੇ ਬੱਚਾ ਡਿੱਗਣ ਮਗਰੋਂ ਔਰਤ ਚੀਕੀ ਤਾਂ ਲੇਬਰ ਰੂਮ ਦੇ ਇਲਾਜ ਕਾਮੇ ਆਏ ਤੇ ਮਸਾਂ ਫੜਿਆ।

***


ਹਸਪਤਾਲ ਦੇ ਫਰਸ਼ 'ਤੇ ਬੱਚਾ ਜੰਮਣ ਮਗਰੋਂ ਹਸਪਤਾਲ ਦੇ ਮੁਲਾਜ਼ਮਾਂ ਨੂੰ ਭਾਜੜਾਂ ਪੈ ਗਈਆਂ। ਔਰਤ ਦੇ ਪਤੀ ਸਾਹੁਲ ਯਾਦਵ ਨੇ ਦੱਸਿਆ ਕਿ ਲੇਬਰ ਰੂਮ ਦੇ ਸਿਹਤ ਅਮਲੇ ਦੀ ਲਾਪਰਵਾਹੀ ਕਾਰਨ ਇੰਝ ਹੋਇਆ ਹੈ। ਦੂਜੇ ਪਾਸੇ ਲੇਬਰ ਰੂਮ ਦੇ ਕਾਮਿਆਂ ਨੇ ਫਰਸ਼ 'ਤੇ ਔਰਤ ਦੇ ਜਣੇਪੇ ਦੀ ਗੱਲ ਤੋਂ ਇਨਕਾਰ ਕੀਤਾ ਹੈ। ਸਿਤਮਜ਼ਰੀਫ਼ੀ ਇਹ ਹੈ ਕਿ ਕੁਝ ਦਿਨਾਂ ਵਿਚ ਮਦਰ ਐਂਡ ਚਾਈਲਡ ਹਸਪਤਾਲ ਵਿਚ ਜਣੇਪੇ ਦੇ ਮਾਮਲੇ ਵਿਚ ਲਾਪਰਵਾਹੀ ਦਾ ਇਹ ਲਗਾਤਾਰ ਮਾਮਲਾ ਹੈ। ਪਹਿਲਾਂ ਅਠਾਰਾਂ ਫਰਵਰੀ ਨੂੰ ਹਸਪਤਾਲ ਅਮਲੇ ਦੀ ਲਾਪਰਵਾਹੀ ਕਾਰਨ ਸਿਵਲ ਹਸਪਤਾਲ ਪਾਰਕ ਵਿਚ ਔਰਤ ਨੇ ਦੋ ਬੱਚਿਆਂ ਨੂੰ ਜਨਮ ਦਿੱਤਾ ਸੀ। ਸਾਲ ਜਾਂ ਦੋ ਸਾਲਾਂ ਦੀ ਗੱਲ ਕਰੀਏ ਤਾਂ ਸੌ ਦੇ ਕਰੀਬ ਮਾਮਲੇ ਬਣਦੇ ਨੇ...


ਗਰੀਬਾਂ ਨੂੰ ਕਰਦੇ ਨੇ ਜ਼ਲੀਲ

ਛੋਟੀ ਢੰਡਾਰੀ ਲੁਧਿਆਣਾ ਤੋਂ ਆਏ ਸਾਹੁਲ ਯਾਦਵ ਨੇ ਦੱਸਿਆ ਕਿ 27 ਫਰਵਰੀ ਸਵੇਰੇ 9 ਵਜੇ ਨੌਂ ਮਹੀਨਿਆਂ ਦੀ ਗਰਭਵਤੀ ਪਤਨੀ ਨੂੰ ਜਣੇਪੇ ਦੀਆਂ ਦਰਦਾਂ ਉੱਠੀਆਂ ਸਨ। ਸਾਢੇ 9 ਵਜੇ ਉਨ੍ਹਾਂ ਨੇ 108 ਐਂਬੂਲੈਂਸ ਮੰਗਵਾਈ। ਪੌਣੇ ਦਸ ਵਜੇ ਦੇ ਕਰੀਬ ਐਂਬੂਲੈਂਸ ਪੁੱਜੀ, ਦਸ ਵਜ ਕੇ 20 ਮਿੰਟ 'ਤੇ ਉਹ ਸਿਵਲ ਹਸਪਤਾਲ ਲੁੱਧਿਆਣੇ ਦੀ ਐਮਰਜੈਂਸੀ ਵਿਚ ਪੁੱਜੇ। ਉਥੋਂ ਪੈਦਲ 'ਮਦਰ ਐਂਡ ਚਾਈਲਡ ਹਸਪਤਾਲ' ਸਥਿਤ ਲੇਬਰ ਰੂਮ ਵਿਚ ਪੁੱਜੇ। ਜਦੋਂ ਉਹ ਲੇਬਰ ਰੂਮ ਵਿਚ ਪੁੱਜੇ ਤਾਂ ਅੰਦਰ ਭੀੜ, ਗੰਦਗੀ ਤੇ ਦਵਾਈਆਂ ਵਗੈਰਾ ਦੀ ਭਿਅੰਕਰ ਬਦਬੋ ਸੀ। ਡਿਊਟੀ 'ਤੇ ਦੋ ਸਟਾਫ ਨਰਸਾਂ ਸਨ, ਦੋਵੇਂ ਜਣੀਆਂ ਗੱਲ ਸੁਣਨ ਨੂੰ ਰਾਜ਼ੀ ਨਹੀਂ ਸੀ ਸਗੋਂ ਅਜੀਬ ਜਿਹੀਆਂ ਗੱਲਾਂ ਕਰਨ ਵਿਚ ਗ਼ਲਤਾਨ ਸਨ।


ਲਾਪਰਵਾਹੀ ਕਰਦਾ ਹੈ ਸਿਹਤ ਅਮਲਾ

ਜਦੋਂ ਨਰਸਾਂ ਨੂੰ ਸਾਹੁਲ ਨੇ ਆਪਣੀ ਪਤਨੀ ਦੀ ਪ੍ਰੈਗਨੈਂਟ ਹਾਲਤ ਬਾਰੇ ਦੱਸਿਆ ਤਾਂ ਦੋਵੇਂ ਜਣੀਆਂ ਨੇ ਕਿਹਾ, "ਥੋੜ੍ਹੀ ਦੇਰ ਉਡੀਕ ਕਰੋ..."। ਸਾਹੁਲ ਨੇ ਦੱਸਿਆ ਕਿ ਉਹ ਤੇ ਬੀਵੀ ਉਥੇ ਖੜ੍ਹੇ ਰਹੇ ਪਰ ਇਸ ਦੌਰਾਨ ਉਸ ਦੀ ਪਤਨੀ ਨੂੰ ਨਾ ਤਾਂ ਲੇਬਰ ਰੂਮ ਵਿਚ ਦਾਖ਼ਲ ਕੀਤਾ ਗਿਆ ਤੇ ਨਾ ਇਮਦਾਦ ਦਿੱਤੀ, ਡਾਕਟਰ ਨੂੰ ਲੱਭਣ ਗਏ ਤਾਂ ਓਹ ਵੀ ਨਾ ਲੱਭਿਆ। ਸਾਹੁਲ ਦੀ ਪਤਨੀ ਦਰਦ ਕਾਰਨ ਤੜਫ ਰਹੀ ਸੀ, ਇਸ ਮਗਰੋਂ ਓਹਦੀ ਪਤਨੀ ਲੇਬਰ ਰੂਮ ਦੇ ਪਖਾਨੇ ਵਿਚ ਗਈ। ਪਖਾਨੇ ਵਿੱਚੋਂ ਬਾਹਰ ਆਈ ਤਾਂ ਦਰਦ ਤੇਜ਼ ਹੋ ਗਈ, ਨਰਸਾਂ ਵਗੈਰਾ ਨੂੰ ਆਵਾਜ਼ ਮਾਰੀ ਪਰ ਕੋਈ ਜਣੀ ਨਹੀਂ ਆਈ। ਇਸ ਮਗਰੋਂ ਗਰਭਵਾਨ ਦਾ ਜਣੇਪਾ ਖ਼ੁਦ ਬ ਖ਼ੁਦ ਹੋਇਆ ਤੇ ਬੱਚਾ ਜ਼ਮੀਨ 'ਤੇ ਡਿੱਗ ਗਿਆ, ਅਸਮਾਨ ਤਕ ਇਹ ਚੀਕ ਗੂੰਜਦੀ ਰਹੀ।

ਬੋਲੇ ਦਿੱਤੇ ਰਟੇ ਰਟਾਏ ਡਾਇਲੌਗ


ਇਸ ਬਾਰੇ ਇਕ ਨਰਸ ਦੱਸਦੀ ਹੈ ਕਿ ਸਵੇਰ ਵੇਲੇ ਉਹ ਦੋ ਜਣੀਆਂ ਡਿਊਟੀ 'ਤੇ ਸਨ। ਦੋਵਾਂ ਜਣੀਆਂ ਨੇ ਇਸ ਗੱਲੋਂ ਇਨਕਾਰ ਕੀਤਾ ਕਿ ਜਣੇਪਾ ਫਰਸ਼ 'ਤੇ ਹੋਇਆ ਹੈ। ਉਨ੍ਹਾਂ ਦਾ ਸਪਸ਼ਟੀਕਰਣ ਇਹ ਹੈ ਕਿ ਸਾਹੁਲ ਦੀ ਪਤਨੀ ਪੁੱਜੀ ਤਾਂ ਉਹ ਦਾ ਮੈਡੀਕਲ ਮੁਆਇਨਾ ਕੀਤਾ, ਦਾਖ਼ਲ ਕਰਨ ਲਈ ਫਾਈਲ ਬਣਾਈ। ਦਾਖ਼ਲ ਕਰਨ ਤੋਂ ਕੁਝ ਵਕ਼ਤ ਬਾਅਦ ਟੈਸਟ ਕਰਵਾਏ, ਗਰਭਵਤੀ ਦੇ ਪਤੀ ਸਾਹੁਲ ਨੂੰ ਆਵਾਜ਼ ਮਾਰੀ ਸੀ। ਜਦੋਂ ਗਰਭਵਤੀ ਪਿਸ਼ਾਬਖਾਨੇ ਵਿੱਚੋਂ ਬਾਹਰ ਆਈ ਤਾਂ ਦਰਦਾਂ ਉੱਠੀਆਂ।ਸਟ੍ਰੈਚਰ 'ਤੇ ਲੰਮੀ ਪਾ ਕੇ ਲੇਬਰ ਰੂਮ ਵਿਚ ਲੈ ਕੇ ਗਈਆਂ ਤੇ ਉਥੇ ਬੱਚੇ ਦਾ ਜਨਮ ਹੋਇਆ।


ਸ਼ਰਮ ਕਰੇਗਾ ! ਸਿਹਤ ਮਹਿਕਮਾ?

ਪੰਜਾਬ ਦੇ ਸਿਹਤ ਵਜ਼ੀਰ ਬਲਬੀਰ ਸਿੱਧੂ ਹਨ, ਉਨ੍ਹਾਂ ਅਨੇਕਾਂ ਵਾਰ ਚਿਤਾਵਣੀ ਦਿੱਤੀ ਹੈ ਕਿ ਇਹ ਸਭ ਬਰਦਾਸ਼ਤ ਨਹੀਂ ਕਰਾਂਗੇ ਪਰ ਫੇਰ ਵੀ ਪਰਨਾਲਾ ਓਥੇ ਦਾ ਓਥੇ ਈ ਹੈ. ਪ੍ਰਾਈਵੇਟ ਹਸਪਤਾਲ ਚਲਾ ਰਹੇ ਬੰਦੇ ਆਖਦੇ ਨੇ ਕਿ ਜਦੋਂ ਤੀਕ ਅਨੇਕਾਂ ਡਾਕਟਰਾਂ ਤੇ ਨਰਸਾਂ ਉੱਤੇ ਮਿਸਾਲੀ ਤੇ ਸਖ਼ਤ ਕਾਰਵਾਈ ਨਹੀਂ ਹੁੰਦੀ. ਕਈ ਜਣੇ ਨੌਕਰੀ ਤੋਂ ਕੱਢੇ ਨਹੀਂ ਜਾਂਦੇ ਇਹ ਵਰਤਾਰਾ ਚਾਲੂ ਰਹੂਗਾ. ਇਹ ਗਰੀਬਾਂ ਨਾਲ਼ ਦੁਸ਼ਮਣੀ ਤੱਦੇ ਘਟੂਗੀ, ਜੇ, ਸਿਹਤ ਮੰਤਰੀ ਸਖ਼ਤ ਹੋਊਗਾ. ਇਹੀ, ਸਮੇਂ ਦੀ ਜ਼ਰੂਰਤ ਹੈ.

ਚਿੱਠੀ ਪੱਤਰੀ ਲਈ- ਸਰੂਪ ਨਗਰ, ਪਿੰਡ ਰਾਓਵਾਲੀ, ਪਠਾਨਕੋਟ ਮਾਰਗ, ਜਲੰਧਰ।

To Know more about YADWINDER SINGH, SENIOR SUB-EDITOR, PUNJABI JAGRAN,JALANDHAR, Please Click-Upon this TEXT or his Photograph

ਸੰਪਰਕ - 94 653 29 617