CHRISTIANFORT

THE NEWS SECTION

ਵਿੱਤੀ ਅਦਾਰਿਆਂ ਦੇ ਕਾਮੇ ਜੁੜਣ ਸਾਹਿਤ ਤੇ ਸਮਾਜਕ ਸਰੋਕਾਰਾਂ ਦੇ ਨਾਲ, ਹੋਣਗੇ ਹੋਰ ਖੁਸ਼ਹਾਲ


ਦੀਦਾਵਰ ਦਾ ਹੁਨਰ -33


ਯਾਦਵਿੰਦਰ ਸਿੰਘ

 

ਪਾਠਕ ਕ੍ਰਿਪਾ ਕਰ ਕੇ ਨੋਟ ਕਰਨ:

[ਪਹਿਲਾਂ ਇਹ ਕਾਲਮ 'ਦੀਦਾਵਰ ਦੀ ਜ਼ੁਬਾਨੀ' ਦੇ ਨਾਂਅ ਹੇਠ ਚੱਲਦਾ ਰਿਹਾ ਹੈ ਤੇ ਇਸ ਦੀਆਂ 14 ਕਿਸ਼ਤਾਂ ਬਹੁਤ ਹਰਮਨਪਿਆਰੀਆਂ ਹੋਈਆਂ ਸਨ। ਪਰ ਇਸ ਦੀ 15ਵੀਂ ਕਿਸ਼ਤ ਤੋਂ ਲੇਖਕ ਯਾਦਵਿੰਦਰ ਸਿੰਘ ਹੁਰਾਂ ਨੇ ਇਸ ਦਾ ਨਾਂਅ 'ਦੀਦਾਵਰ ਦਾ ਹੁਨਰ' ਰੱਖ ਦਿੱਤਾ ਸੀ। ਉਨ੍ਹਾਂ ਦਾ ਇਹ ਕਾਲਮ ਨਿੱਤ ਨਵੇਂ ਸਿਖ਼ਰ ਪਾਰ ਕਰਦਾ ਜਾ ਰਿਹਾ ਹੈ]

JALANDHAR:

ਅਜੋਕੇ ਦੌਰ ਦਾ ਕੌੜਾ ਸੱਚ ਹੈ ਕਿ ਵਿੱਤੀ ਅਦਾਰਿਆਂ ਨਾਲ ਜੁੜੇ ਸਾਡੇ ਭਰਾ ਤੇ ਭੈਣਾਂ (ਬਹੁ-ਗਿਣਤੀ ਬਾਰੇ) ਸਾਹਿਤਕ, ਸਮਾਜਕ ਤੇ ਰਾਜਨੀਤਕ ਚੇਤਨਾ ਤੋਂ ਕੋਰੇ ਹਨ. ਉਂਝ ਤਾਂ ਇਹ ਆਪੋ ਆਪਣੇ ਝੁਕਾਆਂ ਤੇ ਦਿਲਚਸਪੀਆਂ ਦੀ ਗੱਲ ਹੁੰਦੀ ਹੈ ਕਿ ਮਨ ਨੇ ਜਿੱਧਰ ਵਗਣਾ ਹੁੰਦੈ, ਓਧਰ ਈ ਵਗਦੈ ਪਰ 100 ਫ਼ੀਸਦ ਤੌਰ ਉੱਤੇ ਸਾਹਿਤ, ਸਮਾਜਕ ਸਰੋਕਾਰਾਂ ਤੇ ਖ਼ਬਰੀ ਸੂਝ ਤੋਂ ਟੁੱਟ ਕੇ ਬੱਸ.. ਪੂੰਜੀ ਕਾਮੇ, ਬਣ ਕੇ ਰਹਿ ਜਾਣਾ, ਸਮਾਜਕ ਜੀਅ ਦੀ ਹੋਣੀ ਨਹੀਂ ਹੋ ਸਕਦਾ... ਪਰ ਇਹ ਹੋ ਗਿਆ ਹੈ.

***


ਪਿੱਛੇ ਜਿਹੇ ਕਿਸੇ ਗ਼ੈਰ ਵਾਕ਼ਫ਼ ਨੇ ਮੈਨੂੰ ਫੋਨ ਕੀਤਾ ਕਿ ਫਲਾਨੇ ਵੇਲੇ ਮੈਂ ਕੋਈ ਮੋਬਾਈਲ ਫੋਨ ਕਿਸੇ ਕੰਪਨੀ ਤੋਂ ਕਰਜ਼ੇ ਉੱਤੇ ਲਿਆ ਸੀ. ਓਹਦੀਆਂ ਕਿਸ਼ਤਾਂ ਵੇਲੇ ਸਿਰ ਤਾਰਣ ਕਰ ਕੇ, ਕੋਈ ਨਿੱਜੀ ਬੀਮਾ ਕੰਪਨੀ ਮੈਨੂੰ 'ਸਸਤੀ ਸਿਹਤ ਬੀਮਾ ਪਾਲਸੀ' ਵੇਚਣਾ ਚਾਹੁੰਦੀ ਹੈ. ਓਹ ਬੀਮਾ ਕਾਮਾ, ਏਸ ਮਕ਼ਸਦ ਲਈ ਮੁਲਾਕਾਤ ਵਾਸਤੇ ਵਕ਼ਤ ਮੰਗ ਰਿਹਾ ਸੀ. ਓਸ ਏਜੰਟ ਵੱਲੋਂ ਵਾਰ ਵਾਰ ਅਰਜ਼ ਕਰਨ ਕਰ ਕੇ ਅਸੀਂ ਉਸਨੂੰ ਵਕ਼ਤ ਦੇ ਦਿੱਤਾ ਤੇ ਉਸਦਾ ਵੇਲਾ ਸਾਰ ਕੇ ਭੇਜ ਦਿੱਤਾ. ਹੈਰਾਨਕੁਨ ਗੱਲ ਇਹ ਹੈ ਕਿ ਬੀਮਾ ਕਾਰਕੁਨ ਦੀ ਹਾਜ਼ਰੀ ਦੌਰਾਨ ਸਾਨੂੰ # ਕਿਸਾਨ ਅੰਦੋਲਨ ਜਾਂ ਸਮਾਜਕ ਹਾਲਾਤ ਬਾਰੇ ਜਿੰਨੇ ਕੁ ਫੋਨ ਆਏ, ਸਾਡੀ ਗੱਲਬਾਤ ਸੁਣ ਕੇ ਓਹ ਵਿੱਤੀ ਕਾਮਾ, ਇੰਝ ਹੈਰਾਨ ਹੋ ਰਿਹਾ ਪ੍ਰਤੀਤ ਹੋ ਰਿਹਾ ਸੀ, ਜਿਵੇਂ ਅਸੀਂ ਪੁਲਾੜ ਤੋਂ ਆਏ ਜੀਅ (alian) ਹੋਈਏ. ਜਦਕਿ ਓਸ ਵੀਰ ਦੀ ਅਕਾਦਮਿਕ ਯੋਗਤਾ ਮਾਸਟਰ ਆਫ ਆਰਟਜ਼ ਸੀ/ਹੈ.

****


ਹਾਂ, ਇਹ ਸਹੀ ਹੈ ਕਿ ਰਾਜਨੀਤਕ/ਸਮਾਜਕ ਸੂਝ ਤੋਂ ਸੱਖਣੇ ਇਹ ਮਿਲੇ/ਨਾ-ਮਿਲੇ ਮਿੱਤਰ ਪੈਸੇ/ਧੇਲੇ ਪੱਖੋਂ ਸੌਖੇ ਰਹਿੰਦੇ ਹਨ, ਪਰ ਇਨ੍ਹਾਂ ਸਾਰੇ ਪੂੰਜੀ ਕਾਮਿਆਂ ਨੂੰ ਇਕ ਸਵਾਲ ਹੈ ਕਿ ਸਮਾਜਕ /ਰਾਜਨੀਤਕ ਸੂਝ ਤੋਂ ਕੋਰਾ ਦਮਾਗ ਲਿਆਉੰਦੇ ਕਿੱਥੋਂ ਓ !!!

****


"ਭਾਵੇਂ ਪੂਰਬੀ ਮੁਲਕ ਹੋਣ ਯਾਂ ਭਾਵੇਂ ਯੂਰਪੀ ਮੁਲਕ ਹੋਣ, ਸਾਰੇ ਦੇਸਾਂ ਦਿਆਂ ਦਾਨਸ਼ਵਰਾਂ ਨੇ ਸਾਂਝੇ ਤੌਰ ਉੱਤੇ ਇਹੀ ਨਤੀਜਾ ਕੱਢਿਆ ਹੈ ਕਿ 1.ਸੈਰ -ਸਫ਼ਰ, 2.ਦੋਸਤੀ, 3.ਕਿਤਾਬੀ ਅਧਿਐਨ, 4. ਸਮਾਜਕ ਸੰਪਰਕ 5. ਸਰਗਰਮੀਆਂ ਵਿਚ ਸ਼ਮੂਲੀਅਤ ਵਗੈਰਾ ਤਰੀਕੇ ਅਪਣਾਏ ਜਾਣ ਤਾਂ ਬੰਦੇ ਨੂੰ ਜਿਊਣ ਲਈ, ਪਰਵਾਜ਼ ਭਰਨ ਲਈ, ਅਸਮਾਨ ਮਿਲ ਜਾਂਦਾ ਹੈ. ਪਰ ਜੇ ਬੰਦਾ ਸਿਰਫ਼ ਪੂੰਜੀ ਸੰਗ੍ਰਹਿ ਲਈ ਹੀ ਜਿਉਂਦਾ ਹੋਵੇ ਤਾਂ ਲਾਜ਼ਮੀ ਹੋ ਜਾਂਦਾ ਹੈ ਕਿ ਓਹਦੇ ਚਿਹਰੇ ਉੱਤੇ ਮੁਦਰਾ (currency) ਛੱਪੀ ਨਜ਼ਰ ਆਉਣ ਲੱਗੇ". ਏਸ ਤਰ੍ਹਾਂ ਦੇ ਵਿਚਾਰ ਅਸੀਂ ਜਦੋਂ ਵੀ ਕਿਸੇ ਪੂੰਜੀ-ਜਿਊੜੇ ਅੱਗੇ ਪੇਸ਼ ਕੀਤੇ ਹਨ ਤਾਂ ਓਹਨੇ "ਪੇਟ ਨਾ ਪਈਆਂ ਰੋਟੀਆਂ, ਸੱਭੇ ਗੱਲਾਂ ਖੋਟੀਆਂ... " ਆਖ ਕੇ ਆਪਣੀ ਤਰਜ਼ ਇ ਜ਼ਿੰਦਗੀ ਨੂੰ "ਵਿਹਾਰੀ" ਦੱਸਣ ਦਾ ਹਰਬਾ ਵਰਤਿਆ ਹੈ.

*****


ਮਨੁੱਖ ਦੇ ਪੁਰਖੇ, ਗੁਫਾਵਾਂ ਤੋਂ ਨਿੱਕਲ ਕੇ, ਸਾਂਝੀਆਂ ਥਾਵਾਂ ਵੱਲ ਵਧੇ. ਫੇਰ ਖਾਨਦਾਨ ਬਣੇ. ਕ਼ਬੀਲੇ ਬਣੇ, ਪਿੰਡ ਵੱਸੇ, ਕ਼ਸਬੇ ਵਜੂਦ ਵਿਚ ਆਏ. ਕਿਸੇ ਖ਼ਾਸ ਇਤਿਹਾਸਕ ਮੋੜ ਉੱਤੇ ਅੱਪੜ ਕੇ, ਸਮਾਜ ਤੇ ਰਾਜਨੀਤੀ ਦਾ ਸਾਡਾ ਅਜੋਕਾ ਢਾਂਚਾ ਵਜੂਦ ਅਖ਼ਤਿਆਰ ਕਰ ਗਿਆ... ਸੱਭਿਅਤਾ ਦੇ ਏਸ ਸਫ਼ਰ ਨੂੰ ਕਿਵੇਂ ਨਜ਼ਰਅੰਦਾਜ਼ ਕਰਾਂਗੇ?

******


ਬੈਂਕਾਂ, ਬੀਮਾ ਫਰਮਾਂ, ਸ਼ੇਅਰ ਮਾਰਕਿਟਾ ਤੇ ਹੋਰ ਵਿੱਤੀ ਅਦਾਰਿਆਂ ਵਿਚ ਭਾਵੇਂ ਸਾਹਿਤਕ-ਸੰਵੇਦਨਾ ਜਾਂ ਰਾਜਨੀਤਕ ਸੂਝ ਦਾ ਮੁੱਲ ਪਾਉਣ ਵਾਲਾ ਕੋਈ 'ਸਿਰ' ਮੌਜੂਦ ਨਹੀਂ ਹੁੰਦਾ ਪਰ ਫੇਰ ਵੀ ਇਨ੍ਹਾਂ ਥਾਵਾਂ ਉੱਤੇ ਲੱਗੇ ਜੀਆਂ ਨੂੰ ਚਾਹੀਦਾ ਹੈ ਕਿ ਓਹ ਆਪਣੇ ਵਰਗੇ ਆਪਣੇ ਮੋਟੀਵੇਟਰਾਂ ਨੂੰ ਖੁਸ਼ ਕਰਦਿਆਂ ਕਰਦਿਆਂ "ਦੀਨ ਦੁਨੀਆਂ" ਤੋਂ ਟੁੱਟੇ ਰਹਿਣ ਦੀ ਵਿਰਤੀ ਨਾਲ ਨਾ ਚਿੰਬੜੇ ਰਹਿਣ ਸਗੋਂ ਦਿਮਾਗੀ ਖੁਸ਼ਹਾਲੀ ਲਈ ਹਰ ਰੋਜ਼ ਨਹੀਂ ਤਾਂ ਹਫਤੇ ਬਾਅਦ ਜਾਂ ਮਹੀਨੇ ਮਗਰੋਂ ਕਦੇ ਕੋਈ ਕਵਿਤਾ, ਨਿੱਕੜੀ ਕਹਾਣੀ, ਅਖਬਾਰੀ ਆਰਟੀਕਲ ਜ਼ਰੂਰ ਬ ਜ਼ਰੂਰ ਪੜ੍ਹਣ.

ਇੰਝ ਕੀਤਿਆਂ ਵੀ ਨੁਕਸਾਨ ਨਹੀਂ ਹੋਏਗਾ ਸਗੋਂ ਲਾਭ ਈ ਹੋਣਗੇ. ਇਹ ਲਾਭ ਜ਼ਰੂਰੀ ਨਹੀਂ ਕਿ ਪੈਸੇ ਜਾਂ ਛਪੇ ਕਰੰਸੀ ਨੋਟ ਦੀ ਸ਼ਕ਼ਲ ਵਿਚ ਹੋਣਗੇ... ਇਹ ਵਰਚੂਅਲ ਫ਼ਾਇਦੇ ਹੋ ਸਕਦੇ ਨੇ.

******


ਪਹਿਲਾਂ ਪਹਿਲਾਂ ਜਦੋਂ ਅਸੀਂ ਰੌਲਾ ਪਾਉਂਦੇ ਹੁੰਦੇ ਸਾਂ ਕਿ ਹਰ ਬੰਦੇ/ਜ਼ਨਾਨੀ ਨੂੰ ਕਿਤਾਬਾਂ -ਅਖ਼ਬਾਰਾਂ ਜ਼ਰੂਰ ਪੜ੍ਹਣੀਆਂ ਚਾਹੀਦੀਆਂ ਹਨ ਤਾਂ ਖੂਹਾਂ ਦੇ ਡੱਡੂ ਇਹ 'ਦਲੀਲ' ਦਿੰਦੇ ਕੰਨੀਂ ਪੈਂਦੇ ਸਨ ਕਿ ਓਹਦਾ ਕੀ 'ਲਾਭ' ਹੋਊਗਾ? ਹੁਣ ਜਦਕਿ ਹਰ ਤੀਜਾ ਬੰਦਾ, whatsapp, facebook ਤੇ social media ਜਿਹੇ ਸੰਕਲਪਾਂ ਤੋਂ ਜਾਣੂ ਹੋ ਚੁੱਕਿਆ ਹੈ ਤਾਂ ਇਹ ਦੱਸਣਾ ਮੁਕਾਬਲਤਨ ਆਸਾਨ ਹੋ ਚੁੱਕਿਆ ਹੈ ਕਿ ਲਾਭ ਵੀ ਕਈ ਤਰ੍ਹਾਂ ਦੇ ਹੁੰਦੇ ਹਨ, ਮਸਲਨ, ਚੰਗੀ ਲਿਖਤ ਦਾ ਜ਼ਾਇਕਾ ਮਨ ਮਸਤਕ ਲਈ ਬਿਨਾਂ ਨੁਕਸਾਨ ਦਾ ਨਸ਼ਾ ਹੈ.

*****


ਅਜੋਕੇ ਦੌਰ ਵਿਚ ਇਕ ਰੁਝਾਨ ਸਾਮ੍ਹਣੇ ਆ ਰਿਹਾ ਹੈ ਕਿ ਟੱਬਰ ਦੇ ਜੀਅ 'ਕੱਠੇ ਹੋ ਕੇ ਖ਼ੁਦਕੁਸ਼ੀ ਕਰਦੇ ਹਨ, ਖ਼ਬਰਾਂ ਵੀ ਸਾਮ੍ਹਣੇ ਆਈਆਂ ਹਨ, ਇਹੋ ਜਿਹੇ ਲੋਕਾਂ ਕੋਲ ਵੱਡੇ ਘਰ, ਲੰਮੀ ਕਾਰ, ਜ਼ਮੀਨ ਜਾਇਦਾਦ, ਬਰਾਂਡਿਡ ਕੱਪੜੇ ਸੱਭੇ ਕੁਝ ਹੁੰਦਾ ਹੈ... ਬੱਸ ਆਪਣੇ ਜਮਾਂਦਰੂ ਸੁਭਾਅ ਨੂੰ ਭੁੱਲ ਜਾਣ ਦਾ ਅਣਜਾਣਿਆ ਦਰਦ ਹੀ ਭਟਕਾਉਂਦਾ ਰਹਿੰਦਾ ਹੈ. ਇਹ ਡਿਸਕੋਖਾਨੇ, ਇਹ ਹੁੱਕਾ ਬਾਰ, ਨਾਚ ਗਾਣੇ, ਫੋਕੀਆਂ ਰੰਗੀਨੀਆਂ, ਹਰ ਰੋਜ਼ ਦੀ ਅਵਾਰਾਗਰਦੀ ਵਗੈਰਾ ਵਗੈਰਾ (ਵੀ) ਬੰਦੇ ਅੰਦਰਲੇ ਸੰਤਾਪ ਨੂੰ ਮੁਕਾਅ ਨਹੀਂ ਸਕਦੀਆਂ. ਇਹ ਸਾਰੇ ਵਿਕਾਰ ਸਿਰਫ਼ ਓਸ ਸਾਬਣ ਨਾਲ ਲੱਥਦੇ ਹਨ ਜਿਹੜਾ ਅਸੀਂ ਵਿਸਾਰ ਛੱਡਿਆ ਹੈ, ਓਹ ਸਾਬਣ ਹੈ : ਆਪਣੇ ਆਪ ਨੂੰ ਜਾਣ ਕੇ, ਬੇਗ਼ਾਨੇ ਪ੍ਰਭਾਵਾਂ ਤੋਂ ਮੁਕਤ ਹੋਣਾ. ਇਹ ਨਹੀਂ ਕਿ ਸਾਨੂੰ ਭੌਤਿਕ ਖੁਸ਼ਹਾਲੀ ਨਹੀਂ ਚਾਹੀਦੀ!... ਚਾਹੀਦੀ ਏ !! ਪਰ ਅਕ਼ਲ ਤੋਂ ਫ਼ਾਰਗ ਹੋ ਕੇ ਨਹੀਂ. ਪੂੰਜੀ ਅਦਾਰੇ ਦੇ ਅਦਨੇ ਜਿਹੇ ਕਾਮੇ ਬਣ ਕੇ ਨਹੀਂ. ਬਲਕਿ ਜ਼ਿੰਦਗੀ ਨੂੰ ਦਿਲਦਾਰ ਬਣ ਕੇ ਜਿਊਣ ਨਾਲ ਈ ਅਸੀਂ ਹਕੀਕੀ ਤਰੱਕੀ ਕਰ ਸਕਾਂਗੇ.

ਚਿੱਠੀ ਪੱਤਰੀ ਲਈ- ਸਰੂਪ ਨਗਰ, ਪਿੰਡ ਰਾਓਵਾਲੀ, ਪਠਾਨਕੋਟ ਮਾਰਗ, ਜਲੰਧਰ।

To Know more about YADWINDER SINGH, SENIOR SUB-EDITOR, PUNJABI JAGRAN,JALANDHAR, Please Click-Upon this TEXT or his Photograph

ਸੰਪਰਕ - 94 653 29 617