CHRISTIANFORT

THE NEWS SECTION

ਗੁਮਰਾਹ ਗ਼ਰਮਖ਼ੂਨ ਬਨਾਮ ਗੈਂਗਸਟਰ


ਦੀਦਾਵਰ ਦੀ ਜ਼ੁਬਾਨੀ-13


ਯਾਦਵਿੰਦਰ ਸਿੰਘ

 

JALANDHAR:

ਦਰਅਸਲ, ਹਾਂ-ਪੱਖੀ ਲਫ਼ਜ਼ 'ਯੰਗਸਟਰ' ਹੈ ਤੇ 'ਗੈਂਗ-ਸਟਰ' ਸ਼ਬਦ ਸਿਰਫ਼ ਉਸ ਦਾ ਨਾ-ਵਾਜਿਬ ਚਰਬਾ ਹੈ। ਅੱਜ ਜਿਹੜੇ ਮੁੰਡੇ ਗੈਂਗਸਟਰਾਂ ਨੂੰ ਆਪਣੇ ਨਾਇਕ ਮੰਨ ਕੇ ਇਹੋ ਜਿਹੀਆਂ ਕਾਰਵਾਈਆਂ ਵਿਚ ਲੱਗੇ ਹਨ, ਜਿਹਦੇ ਨਾਲ ਉਹ ਗੈਂਗਸਟਰਾਂ ਦੀ ਦੁਨੀਆਂ ਵਿਚ ਧੱਸਣਾ ਚਾਹੁੰਦੇ ਹਨ, ਹੋਰ ਕੋਈ ਨਹੀਂ ਸਗੋਂ ਕਾਹਲਬਾਜ਼, 'ਅੰਡਰ ਡਵੈਲਪ' ਤੇ ਸਿਸਟਮ ਦੇ ਪੀੜਤ ਬੱਚੇ ਹਨ। ਜੋ ਕੁਝ ਮੈਂ ਈਮਾਨਦਾਰਾਨਾ ਪਹੁੰਚ ਅਪਣਾਅ ਕੇ ਲਿਖਿਆ ਹੈ, ਇਹ ਮੇਰੀ ਨਿੱਜੀ ਮਹਿਸੂਸੀਅਤ ਦਾ ਅਰਕ ਹੈ, ਨਹੀਂ ਤਾਂ ਅਫ਼ਸਰਸ਼ਾਹੀ, ਸਿਆਸਤਦਾਨ, ਧਰਮਾਚਾਰੀਆ, ਕਲਾਕਾਰ ਤੇ ਹੋਰ 'ਪਹੁੰਚੇ ਹੋਏ ਲੋਕ' ਕਾਫ਼ੀ ਕੁਝ ਜਾਣਦੇ ਹੋਏ ਵੀ, ਇਹ ਸਭ ਲੁਕਾ ਲੈਂਦੇ ਹਨ, ਜਿਹਦਾ ਕਾਰਨ ਬੜਾ ਸਾਫ਼ ਹੈ ਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦਾ 'ਆਰਾਮਦੇਹ ਜ਼ੋਨ' ਹੱਥੋਂ ਖੁੱਸ ਜਾਵੇ। ਆਖ਼ਰ ਆਪਣਾ ਕੰਫਰਟ ਜ਼ੋਨ ਕੌਣ ਖੁੰਝਾਉਣਾ ਚਾਹੁੰਦਾ ਹੁੰਦਾ ਹੈ?

(2)

ਗੈਂਗਸਟਰ, ਲਫ਼ਜ਼ ਦਾ ਦੂਜਾ ਹਿੱਸਾ 'ਸਟਰ' ਬੋਲਣ ਤੇ ਸੁਣਨ ਵਾਲੇ 'ਤੇ ਮਨੋਵਿਗਿਆਨਕ ਅਸਰ ਪਾਉਂਦਾ ਹੈ, ਹਰ ਗੈਂਗਸਟਰ, ਯੰਗਸਟਰ ਤਾਂ ਹੁੰਦਾ ਹੀ ਹੈ, ਕਿਹੜਾ ਗਭਰੇਟ ਨਹੀਂ ਚਾਹੁੰਦਾ ਕਿ ਉਹਦਾ ਨਾਂ ਇਸ ਜੱਗ 'ਤੇ ਨਾ ਚੱਲੇ? ਕੌਣ ਇਹੋ-ਜਿਹਾ ਮੁੰਡਾ ਹੋਵੇਗਾ ਜਿਹੜਾ ਕਿਸੇ ਨਾ ਕਿਸੇ ਹਾਣ ਦੀ ਨੂੰ ਮਨੋ-ਮਨੀ ਪਸੰਦ ਨਹੀਂ ਕਰਦਾ ਹੋਏਗਾ? ਇਹ ਸਭ ਕੁਦਰਤੀ ਵਰਤਾਰਾ ਹੁੰਦਾ ਹੈ, ਅੱਜ ਦੇ ਮੁੰਡੇ ਤੇ ਅਜੋਕੇ ਗੈਂਗਸਟਰ ਜੇ ਇਹ ਸਮਝਦੇ ਹਨ ਕਿ ਇਹ ਅੱਥਰੀ ਜਵਾਨੀ, ਜਿਹੋ-ਜਿਹੀ ਉਨ੍ਹਾਂ ਨੂੰ ਚੜ੍ਹੀ ਹੈ, ਹੋਰ ਕਿਸੇ ਨੂੰ ਚੜ੍ਹੀ ਹੀ ਨਹੀਂ ਸੀ ਤਾਂ ਇਹ ਸਿਰਫ਼ ਮੰਡੀਰ ਦੀ ਖ਼ਾਮ ਖ਼ਿਆਲੀ ਹੈ, ਇਹ ਅੱਥਰੀ ਜਵਾਨੀ ਸਾਰਿਆਂ ਨੂੰ ਇਸੇ ਮਿਕਦਾਰ ਵਿਚ ਚੜ੍ਹਦੀ ਹੈ, ਇਹਦਾ ਮਿੱਠਾ ਮਿੱਠਾ ਸਰੂਰ ਸਾਰਿਆਂ ਲਈ ਇਕੋ ਜਿਹਾ ਹੀ ਹੁੰਦੈ, ਬੱਸ ਫ਼ਰਕ ਸਿਰਫ ਏਨਾ ਕਿ ਕੋਈ ਝੱਲ ਜਾਂਦੈ ਤੇ ਕੋਈ ਬਹਿਕ ਜਾਂਦੈ। ਮੈਨੂੰ ਗੁਰਦਾਸ ਮਾਨ ਦੇ ਇਕ ਗੀਤ ਦੀਆਂ ਕੁਝ ਤੁਕਾਂ ਮੱਲੋ-ਮੱਲ੍ਹੀ ਚੇਤੇ ਆਉਂਦੀਆਂ ਨੇ ;

'ਵਾਹ ਨੀ ਜਵਾਨੀਏ, ਤੇਰਾ ਵੀ ਜਵਾਬ ਨਈਂ...

... ਦੱਸ ਕਿਹੜਾ ਬੰਦਾ ਜਿਹੜਾ ਕੀਤਾ ਤੂੰ ਖ਼ਰਾਬ ਨਈਂ, ਨੀਂ ਵਾਹ ਨੀਂ ਜਵਾਨੀਏ..!''

(3)

ਮੇਰੇ ਨਜ਼ਦੀਕ ਇਹ 'ਗੈਂਗਸਟਰ' ਕੋਈ ਲੋਕ-ਨਾਇਕ ਨਹੀਂ ਹਨ, ਹਾਂ, ਏਨਾ ਜ਼ਰੂਰ ਹੈ ਕਿ ਜਦੋਂ ਮਸਾਲਾ ਫਿਲਮਾਂ ਬਣਾਉਣ ਵਾਲੇ ਬਾਲੀਵੁੱਡ ਵਿਚੋਂ ਗੈਂਗਸਟਰ ਜਾਂ ਇਹੋ ਜਿਹੇ ਕਿਸੇ 'ਹੀਰੋ' ਨੂੰ ਕੇਂਦਰ ਵਿਚ ਰੱਖ ਕੇ ਕੋਈ ਫਿਲਮ ਬਣਾਈ ਜਾਂਦੀ ਹੈ ਤਾਂ ਇਹ ਸਭ ਇਕ ਮਜ਼ਾਬਖ਼ਸ਼ ਵਿਸ਼ਾ ਹੁੰਦਾ ਹੈ। ਪਿੱਛੇ ਜਿਹੇ ਕੰਗਨਾ ਰਨੋਟ ਤੇ ਅਜੈ ਦਿਓਗਣ ਦੀ ਅਦਾਕਾਰੀ ਵਾਲੀ ਫਿਲਮ ਵੀ ਦੁਨੀਆ-ਏ-ਜੁਰਮ ਦੇ ਇਕ 'ਸੁਲਤਾਨ' 'ਤੇ ਕੇਂਦਰਤ ਸੀ। ਇਹ ਸਭ ਪਰਦੇ 'ਤੇ ਦੇਖਣ ਵੇਲੇ ਬਹੁਤ ਚੰਗਾ ਲੱਗਦਾ ਹੈ ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਦੋਂ ਆਪਣੇ ਪਿੰਡੇ 'ਤੇ ਪੁਲਿਸ ਦੀ ਮਾਰ ਪੈਂਦੀ ਹੈ ਜਾਂ ਥਰਡ ਡਿਗਰੀ ਟ੍ਰੀਟਮੈਂਟ ਕੀਤਾ ਜਾਂਦਾ ਹੈ ਤਾਂ ਝੱਲਣ ਲਈ ਹਰ ਕਿਸੇ ਕੋਲ ਜਿਗਰਾ ਨਹੀਂ ਹੁੰਦਾ। ਪੁਲਿਸ ਵੀ ਕੀ ਕਰੇ, ਅੱਥਰਾ ਖ਼ੂਨ ਕਾਬੂ ਵੀ ਕਿਵੇਂ ਆਏ?

(4)

ਮਸਲੇ ਦੀ ਜੜ੍ਹ ਇਹ ਹੈ ਕਿ ਅਸੀਂ ਸਾਰੇ ਉਨ੍ਹਾਂ ਵਣ ਮਾਨਸਾਂ ਦੇ ਵਾਰਿਸ ਹਾਂ, ਜਿਹੜਾ ਡਰੇ ਡਰੇ ਰਹਿੰਦੇ ਸਨ ਤੇ ਜੰਗਲਾਂ/ਪਹਾੜਾਂ ਦੀਆਂ ਕੁੰਦਰਾਂ ਵਿਚ, ਆਪਣੇ ਨੁਕੀਲੇ ਤਿੱਖੇ ਨਹੁੰਆਂ ਤੇ ਪੰਜਿਆਂ ਨਾਲ ਪੁੱਟੀਆਂ ਗੁਫ਼ਾਵਾਂ ਵਿਚ (ਮਜਬੂਰਨ) ਰਹਿੰਦਾ ਸੀ। ਆਓ ਇਕ ਵਰਤਾਰਾ ਆਪਣੇ ਮਨ-ਮਸਤਕ ਵਿਚ ਉਭਾਰਦੇ ਹਾਂ ਕਿ ਜਦੋਂ ਸਾਰਾ ਦਿਨ, ਖਾਣ ਪੀਣ ਦੇ ਸਾਮਾਨ ਦੀ ਭਾਲ ਵਿਚ ਧੱਕੇ ਖਾਣ ਵਾਲੇ ਵਣ-ਮਾਨਸ ਰਾਤ ਨੂੰ ਸੁਹਾਣੀ ਨੀਂਦ ਲੈਣ ਲਈ ਤਰਲੇ ਕਰਨੇ ਪੈਂਦੇ ਸਨ। ਉਨ੍ਹਾਂ ਨੂੰ ਖ਼ੂੰਖਾਰ ਜੰਗਲੀ ਜਾਨਵਰਾਂ ਤੇ ਪ੍ਰਕਿਰਤਕ ਸ਼ਕਤੀਆਂ ਤੋਂ ਡਰ ਲੱਗਦਾ ਹੁੰਦਾ ਸੀ। ਉਦੋਂ ਨੀਂਦ ਲੈਣ ਲੱਗਿਆਂ ਵੀ ਇਕ ਰਾਖਾ ਗੁਫ਼ਾ ਦੇ ਬਾਹਰ ਬਿਠਾਉਣਾ ਪੈਂਦਾ ਸੀ, ਵਜ੍ਹਾ ਇਹ ਸੀ ਕਿ ਹਰ ਪਾਸਿਓਂ ਜ਼ਿੰਦਗੀ ਖ਼ਤਰੇ ਵਿਚ ਰਹਿੰਦੀ ਸੀ। ਫੇਰ, ਉਹ ਦੌਰ ਆਇਆ ਜਦੋਂ ਅੱਗ ਬਾਲਣ ਦੀ ਜਾਚ ਆ ਗਈ ਤਾਂ ਵਾਰੇ-ਨਿਆਰੇ ਹੋ ਗਏ, ਯੁੱਗ ਵਿਚ ਇਨਕਲਾਬੀ ਤਬਦੀਲੀ ਆ ਗਈ, ਅੰਦਰੂਨੀ ਸੂਝ ਨੇ ਸਿਆਣਪ ਦਾ ਇਕ ਕਦਮ ਹੋਰ ਅੱਗੇ ਵਧਾ ਦਿੱਤਾ, ਜਿਨ੍ਹਾਂ ਖ਼ੂੰਖਾਰ ਪਸ਼ੂਆਂ ਤੋਂ ਉਹ ਵਣ-ਮਾਨਸ ਡਰਦਾ ਹੁੰਦਾ ਸੀ, ਜਿਨ੍ਹਾਂ ਨੂੰ ਖ਼ਾਸ ਸ਼ਕਤੀਆਂ ਦੇ ਭੇਜੇ ਮੰਨ ਕੇ ਜ਼ਮੀਨ 'ਤੇ ਉਨ੍ਹਾਂ ਦੇ ਚਿੱਤਰ ਵਾਹੁੰਦਾ ਸੀ, ਜਿਨ੍ਹਾਂ ਦੀ ਪੂਜਾ ਲਈ ਅਨੇਕ ਪੂਜਾ-ਪੱਧਤੀਆਂ ਅਮਲ ਵਿਚ ਲਿਆਂਦਾ ਸੀ, ਉਨ੍ਹਾਂ ਆਫ਼ਤਾਂ ਤੋਂ ਬਚਾਅ ਕਰਨ ਦਾ ਹੁਨਰ 'ਅੱਗ' ਨੇ ਦਿੱਤਾ। ਇਸੇ ਕਰ ਕੇ ਅਗਨੀ ਵੀ ਦੇਵ ਮੰਡਲ ਵਿਚ ਸ਼ੁਮਾਰ ਕਰ ਲਈ। ਅੱਗ ਦੀ ਖੋਜ ਮਗਰੋਂ ਵਣ-ਮਾਨਸ ਨੂੰ ਟਿਕਾਣੇ ਬਦਲ-ਬਦਲ ਕੇ ਰਹਿਣ ਦੀ ਖ਼ਾਸੀ ਲੋੜ ਨਹੀਂ ਰਹੀ, ਉਨ੍ਹਾਂ ਵਣ ਮਾਨਸਾਂ ਨੇ ਅੱਗ ਦੀ ਤਾਕਤ ਹੱਥ ਆਉਣ ਮਗਰੋਂ ਸਿਰਫ਼ ਉਦੋਂ ਹੀ ਟਿਕਾਣੇ ਬਦਲੇ, ਜਦੋਂ ਪਾਣੀਆਂ ਨੇ ਆਪਣੀ ਤੋਰ ਬਦਲ ਲਈ ਜਾਂ ਦਰਿਆਵਾਂ ਦੀਆਂ ਦਿਸ਼ਾਵਾਂ ਬਦਲ ਗਈਆਂ। ਇਸੇ ਕਰ ਕੇ ਤਾਂ ਨਦੀਆਂ-ਦਰਿਆਵਾਂ ਲਾਗੇ ਸੱਭਿਅਤਾਵਾਂ ਵਿਕਸਤ ਹੋਈਆਂ। ਇਸ ਤਰ੍ਹਾਂ ਟੈਬੂ (ਪਰਹੇਜ਼ਗ਼ਾਰੀਆਂ) ਦੀ ਤਰਤੀਬ ਬੰਨ੍ਹੀ ਗਈ ਤਾਂ ਕਿਤੇ ਜਾ ਕੇ ਕਬੀਲੇ ਟਿਕੇ। ਖ਼ੂੰਖਾਰ ਕਬੀਲਿਆਂ ਨੇ ਜਦੋਂ ਬਹੁਤ ਸਾਰੇ 'ਦੁਸ਼ਮਣ' ਮਾਰ-ਮੁਕਾਏ ਤਾਂ ਉਨ੍ਹਾਂ ਕਬਾਈਲਿਆਂ ਨੇ ਮਹਿਸੂਸ ਕੀਤਾ ਕਿ ਏਦਾਂ ਤਾਂ ਆਪਾਂ ਸਾਰੇ ਮਾਰੇ ਜਾਵਾਂਗੇ, ਉਦੋਂ ਉਨ੍ਹਾਂ ਨੇ ਆਪਸ ਵਿਚ ਰਿਸ਼ਤੇ ਕਰਨ ਦੀ ਵਿਉਂਤ ਬਣਾਈ ਤਾਂ ਜੋ ਕੁਲਾਂ ਦਾ ਨਾਸ ਨਾ ਹੋਵੇ ਸਗੋਂ ਬੰਦਾ 'ਕੁਲਵੰਤ' ਹੋਵੇ ਤੇ ਬਲਸ਼ਾਲੀ 'ਬਲਵੰਤ' ਬੰਦੇ ਭੰਗ ਦੇ ਭਾਅ ਨਾ ਰੁੜ ਜਾਣ। ਅਸੀਂ ਜਦੋਂ ਵਿਆਹੁਣ ਜਾਂਦੇ ਹਾਂ ਤਾਂ ਹੱਥਾਂ ਵਿਚ ਕਿਰਪਾਨ ਵਗੈਰਾ ਹੁੰਦੀ ਹੈ, ਇਹ ਸਭ ਹੁਣ ਭਾਵੇਂ ਰਸਮਾਂ ਨੇ ਉਦੋਂ ਇਹ ਜ਼ਰੂਰਤ ਦੀ ਉਪਜ ਸਨ, ਉਦੋਂ ਵਿਆਹ ਦਾ ਮਤਲਬ ਇਹੀ ਸੀ ਕਿ ਕਿਹੜਾ ਕਿੰਨਾ ਬਲਵੰਤ ਹੈ? ਇਹ ਪਰਖਣ ਲਈ ਉਸ ਨੂੰ ਮਨਪਸੰਦ ਨਾਰ ਚੁੱਕ ਕੇ ਲਿਆਉਣੀ ਪੈਂਦੀ ਸੀ, ਜਿਹੜਾ ਮਾਰਿਆ ਜਾਂਦਾ ਸੀ, ਮਾਰਿਆ ਜਾਂਦਾ ਸੀ ਤੇ ਜਿਹੜਾ ਮੁਹਿੰਮ ਸਰਅੰਜਾਮ ਦੇ ਦਿੰਦਾ ਸੀ, ਉਹਦੇ ਨਾਲ ਆਏ ਬਰਾਤੀਆਂ ਨੂੰ ਮੁੰਦਰੀਆਂ, ਛਾਪਾਂ-ਛੱਲੇ ਪੈਂਦੇ ਸਨ। ਅੱਜ ਦੇ ਵਿਆਹ ਵੇਖ ਲਓ, ਸਭ ਕੁਝ ਉਸੇ ਵਰਤਾਰੇ ਦੀ ਮਿਮਿਕਰੀ ਹੈ। ... ਭਾਵੇਂ ਉਹ ਦੌਰ ਨਹੀਂ ਰਿਹਾ ਪਰ ਉਸ ਦੌਰ ਦੀਆਂ ਕੁਝ ਬੇਵਕੂਫ਼ੀਆਂ ਅਸੀਂ ਹਾਲੇ ਤਕ ਚੁੱਕੀ ਫਿਰਦੇ ਹਾਂ, ਅਸੀਂ ਬਿਨਾਂ ਗੱਲੋਂ ਡਰੇ ਰਹਿੰਦੇ ਹਾਂ ਤੇ ਬਿਨਾਂ ਗੱਲੋਂ ਨਿਰਾਸ਼ੇ ਰਹਿੰਦੇ ਹਾਂ। ਕਲਪਨਾ ਕਰੋ, ਉਸ ਵੇਲੇ ਦੀ, ਜਦੋਂ ਕੁਲ ਮਨੁੱਖਤਾ ਦੇ ਵਡੇਰੇ ਜੰਗਲ-ਬੇਲੇ ਰਹਿੰਦੇ ਸੀ ਤੇ ਕੁਦਰਤੀ ਤਾਕਤਾਂ ਤੋਂ ਤ੍ਰਹਿੰਦੇ ਸੀ। ਉਦੋਂ ਕਿਸੇ ਨੂੰ ਇਹ ਨਹੀਂ ਸੀ ਪਤਾ ਹੁੰਦਾ, ਕਿਸੇ ਦਾ ਬਾਪ ਕੌਣ ਹੈ? ਪਤਾ ਨਹੀਂ!! ਹਾਂ, ਮਾਂ ਬਾਰੇ ਅੱਵਸ਼ ਪਤਾ ਹੁੰਦਾ ਸੀ। ਫੇਰ, ਕਬੀਲੇ ਤੇ ਬਹੁ-ਵਿਆਹ ਹੋਂਦ ਵਿਚ ਆਏ... ਫੇਰ ਇਕ-ਵਿਆਹ ਦੀ ਮੰਗ ਜ਼ੋਰ ਫੜਣ ਲੱਗੀ। ਇਹ ਹੈ ਸਾਡਾ ਅਸਲ ਇਤਿਹਾਸ, ਜਿਹਦੇ ਵਿੱੋਚੋਂ ਲੰਘ ਕੇ ਅਸੀਂ ਅੱਜ 'ਤਹਿਜ਼ੀਬਸ਼ੁਦਾ' ਹੋਏ ਫਿਰਦੇ ਹਾਂ। ਅੱਜ ਅਸੀਂ 'ਸੱਭਿਅਤ' ਅਖਵਾਉਂਦੇ ਹਾਂ... ਪਰ ਅਫ਼ਸੋਸ ਕਿ ਗੈਂਗਸਟਰਾਂ ਦੇ ਵੱਡੇ ਤੋਂ ਵੱਡੇ ਆਪੂੰ ਬਣੇ ਲੀਡਰ ਨੂੰ ਇਸ ਸੱਚ ਦੀ ਭਿਣਕ ਨਹੀਂ। ਗੈਂਗਸਟਰਾਂ ਦੇ ਮੋਹਰੀ ਵੀ ਇਸ 'ਸੁਪਰਸਟ੍ਰੱਕਚਰ' ਨੂੰ ਸੱਚ ਮੰਨੀ ਬੈਠੇ ਹਨ, ਜਿਹੜਾ ਸਰਕਾਰ (ਸਟੇਟ), ਲਾਲਫ਼ੀਤਾਸ਼ਾਹੀ, ਦਲਾਲਾਂ, ਪੁਲਿਸ, ਸੂਹੀਆ ਏਜੰਸੀਆਂ, ਛੈਣੇ ਢੋਲਕੀਆਂ ਖੜਕਾਉਣ ਤੇ ਵਾਜੇ ਵਜਾਉਣ ਵਾਲੇ ਧਾਰਮਿਕ ਪੁਰੋਹਿਤਾ ਨੇ ਇਹ ਸੁਪਰਸੱਟ੍ਰਕਚਰ ਹੋਂਦ ਵਿਚ ਲਿਆਂਦਾ ਹੈ। ਹਾਲੇ ਤਕ ਉਸੇ ਵਣ-ਮਾਨਸ ਦਾ ਡੀ.ਐੱਨ.ਏ. ਤੇ ਜੀਨਜ਼ ਸਾਡੇ ਅੰਦਰ ਗਸ਼ਤ ਕਰਦਾ ਪਿਆ ਹੈ। ਡੀ.ਐੱਨ.ਏ. ਸਾਇੰਸ ਤੇ ਜੀਨਜ਼ ਬਾਰੇ ਖ਼ੁਦ ਮੈਨੂੰ ਬਹੁਤ ਸੀਮਤ ਜਾਣਕਾਰੀ ਹੈ ਤੇ ਇਹ ਜਾਣਕਾਰੀ ਗੁਮਰਾਹਕੁੰਨ ਕਾਕਿਆਂ ਕੋਲ ਬਿਲਕੁਲ ਨਹੀਂ ਹੋਵੇਗੀ, ਇਹਦੇ ਬਾਰੇ ਪੂਰਨ ਭਰੋਸਾ ਹੈ। ਤੁਸੀਂ ਸੋਚਦੇ ਹੋਵੋਗੇ ਕਿ ਮੈਂ 'ਵਿਆਹ ਵਿਚ ਬੀਆਂ ਦਾ ਰੌਲਾ' ਕਿਉਂ ਪਾ ਬੈਠਾ!!! ਗੱਲ ਤਾਂ ਮੈਂ ਗੈਂਗਸਟਰਾਂ ਤੇ ਗਿਰੋਹਬਾਜ਼ ਕਾਕਿਆਂ ਤੋਂ ਸ਼ੁਰੂ ਕੀਤੀ ਸੀ ਤੇ ਮੈਂ ਇਸ ਦੀ ਤੰਦ ਵਣ-ਮਾਨਸ, ਵਣ-ਮਾਨਸਾਂ ਨੂੰ ਪ੍ਰਾਪਤ ਹਾਲਾਤ, ਉਸ ਦੀ 'ਨਿੱਕੀ ਜਿਹੀ' ਬੁੱਧੀ ਤਕ ਖਿੱਚ ਕੇ ਲੈ ਗਿਆ!! ਹਾਂ, ਇਹ ਗੱਲ ਉੱਠਣੀ ਹੀ ਸੀ।

(5)

ਵਿਗਿਆਨ ਨੂੰ ਆਪਣਾ ਅਕੀਦਾ ਮੰਨਣ ਵਾਲੇ ਦੱਸਦੇ ਹਨ ਕਿ ਮਨੁੱਖ ਮਸਾਂ 10 ਜਾਂ 15 ਫ਼ੀਸਦ ਹਿੱਸੇ ਤਕ 'ਮਨੁੱਖ ਯਾਅਨੀ ਕਿ ਮਨਨ ਕਰਨ ਯੋਗ' ਹੋਇਆ ਹੈ, ਬਾਕੀ ਸਾਰਾ ਕੁਝ ਭੇਡਾਂ ਵਾਲੇ ਲਾਈਲੱਗਪੁਣੇ ਨਾਲ ਹੀ ਚੱਲਿਆ ਤੁਰਿਆ ਆਉਂਦਾ ਹੈ। ਅੱਜ ਵੀ ਮਨੁੱਖ ਆਪਣੇ ਆਪ ਨੂੰ ਆਪਣੇ ਵਰਗ, ਆਪਣੇ ਮੁਲਕ, ਆਪਣੇ ਖਿੱਤੇ, ਆਪਣੇ 'ਖ਼ੂਨ' ਨਾਲ ਜੋੜ ਕੇ ਸੋਚਦਾ ਤੇ ਪੇਸ਼ ਕਰਦਾ ਹੈ, ਵਣ-ਮਾਨਸ, ਜਿਹੜਾ ਹਜ਼ਾਰਾਂ ਸਾਲ ਪਹਿਲਾਂ ਜੰਗਲ-ਵਾਸ ਦੌਰਾਨ ਹਰ ਵੇਲੇ ਸੰਸਿਆਂ, ਭੈਆਂ ਤੇ ਕੁਦਰਤੀ ਆਫ਼ਤਾਂ ਵਿਚ ਘਿਰਿਆ ਰਹਿੰਦਾ ਸੀ, ਉਸ ਨੂੰ ਪਈਆਂ ਆਦਤਾਂ ਦਾ ਖਮਿਆਜਾ ਅਸੀਂ ਭੁਗਤਦੇ ਪਏ ਹਾਂ। ਇਹ 'ਵਿਰਾਸਤ' ਸਾਨੂੰ ਖ਼ੂਨ ਦੇ ਸੰਚਾਰ ਜ਼ਰੀਏ ਹਾਸਿਲ ਹੁੰਦੀ ਹੈ।

(6)

ਜੇ ਗੱਲ ਗਾਇਕੀ ਦੀ ਕਰੀਏ ਤਾਂ ਅੱਜ ਦੇ ਸਾਰੇ ਤਾਂ ਨਹੀਂ ਪਰ ਬਹੁਤ ਸਾਰੇ ਗਵੰਤਰੀ ਜੋ ਵੀ ਗਾਉਂਦੇ ਹਨ, ਉਹ ਗੁਮਰਾਹਕੁੰਨ ਹੈ। ਬਿਨਾਂ ਸ਼ੱਕ ਜਦੋਂ ਅੱਲ੍ਹੜ ਮੁੰਡੇ ਇਹੋ ਜਿਹੇ ਗਾਣੇ ਸੁਣਦੇ ਹੋਣਗੇ 'ਕੋਈ ਬੰਦਾ ਬੁੰਦਾ ਮਾਰਨਾ ਹੋਇਆ ਤਾਂ ਦੱਸੀ' ਜਾਂ 'ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ..' ਤਾਂ ਸੁਣਨ ਵਾਲੇ ਚੋਬਰ ਨੂੰ ਇੰਜ ਲੱਗਦਾ ਹੋਣਾ ਕਿ ਸ਼ਾਇਦ ਇਹੀ 'ਸੱਭਿਆਚਾਰ' ਹੁੰਦਾ ਹੈ, ਇੱਥੋਂ ਹੀ ਕਿਸੇ ਮੁੰਡੇ ਦੀ ਤਿਲਕਣਬਾਜ਼ੀ ਸ਼ੁਰੂ ਹੁੰਦੀ ਹੋਵੇਗੀ। ਪੈਸੇ ਦੇ ਲਾਲਚੀ ਗਵੰਤਰੀ, ਸੱਭਿਆਚਾਰ ਦੇ ਸੇਵਕ ਹੋਣ ਦੀ ਦੁਹਾਈ ਪਾ ਕੇ ਉਹ ਕੁਝ ਗਾ ਚੁੱਕੇ ਹਨ ਕਿ ਜੇ ਕੋਈ ਇਹ ਸੋਚ ਲਵੇ ਕਿ ਇੰਨਾ ਦੀਆਂ ਸੀਡੀਜ਼, ਐਲਬਮਾਂ ਲੱਭ ਕੇ ਅੱਗ ਨਾਲ ਲੂਹ ਦਈਏ ਤਦ ਵੀ ਇਹ ਯਤਨ ਕਾਮਯਾਬ ਨਹੀਂ ਹੋ ਸਕਣੇ ਕਿਉਂਕਿ ਮੰਡੀ ਵਿਚ ਇਹ ਗੰਦ ਬਹੁਤ ਫੈਲ ਚੁੱਕਾ ਹੈ, ਸਾਡੀ ਤ੍ਰਾਸਦੀ ਇਹ ਹੈ ਕਿ ਫਿਲਮਾਂ ਉੱਤੇ ਤਾਂ ਸੈਂਸਰ ਬੋਰਡ ਹੈ ਪਰ ਪੰਜਾਬੀ ਗਾਇਕਾਂ ਤੇ ਗੀਤਕਾਰਾਂ (ਸਾਰੇ ਨਹੀਂ, ਜਿਹੜੇ ਇਹੋ ਜਿਹੇ ਹਨ, ਸੰਦਰਭ ਉਨ੍ਹਾਂ ਦਾ ਹੈ) ਨੂੰ ਨੱਥ ਪੈ ਸਕੇ। ਗਵੰਤਰੀਆਂ ਦੇ ਅਸਰ ਕਰ ਕੇ ਅੱਜ ਦੇ ਛੋਕਰੇ 'ਨੱਡੀ ਤੇ ਗੱਡੀ ਨਵੀਂ' ਚਾਹੁੰਦੇ ਹਨ। ਗਾਇਕ ਤੋਂ ਨਾਇਕ ਬਣੇ ਅਖੌਤੀ ਕਲਾਕਾਰ ਵਿੱਦਿਅਕ ਅਦਾਰਿਆਂ ਵਿਚ ਗੁਮਰਾਹਕੁੰਨ 'ਪ੍ਰਮੋਸ਼ਨ' ਲਈ ਆ ਜਾਂਦੇ ਹਨ, ਨਤੀਜਤਨ ਨਵੀਂ ਪੀੜ੍ਹੀ ਹਰ ਪਾਸਿਓਂ ਇਹੀ ਅਸਰ ਲੈ ਲੈਂਦੀ ਹੈ ਕਿ ਸੱਭਿਆਚਾਰ ਦਾ ਇਹੀ ਟਰੈਂਨਡ ਹੁਣ ਸਦੀਵੀਂ ਹੋ ਜਾਣ ਵਾਲਾ ਹੈ।

(7)

ਕਿੰਨੀ ਤ੍ਰਾਸਦੀ ਦੀ ਗੱਲ ਹੈ ਕਿ ਊਰਜਾਵਾਨ ਮੁੰਡੇ, ਜਿਹੜੇ ਜੀਵਨ ਦਾ ਟੀਚਾ ਪਛਾਣ ਕੇ ਮਾਣਮੱਤੀ ਮੰਜ਼ਿਲ ਨੂੰ ਹਾਸਿਲ ਕਰ ਸਕਦੇ ਸੀ, ਉਹ ਬਰਬਾਦੀਆਂ ਦੇ ਸਨਮੁਖ ਹੋ ਗਏ ਹਨ। ਗੈਂਗਸਟਰਾਂ ਬਾਰੇ ਮੈਨੂੰ ਪਤਾ ਹੈ ਕਿ ਉਹ ਇੰਨੇ 'ਓਲਡ ਫੈਸ਼ਨਡ' ਨਹੀਂ ਕਿ ਮੇਰੇ ਵਰਗਿਆਂ ਦੀਆਂ ਲਿਖਤਾਂ ਪੜ੍ਹਦੇ ਹੋਣਗੇ ਪਰ ਭਰਾਓ ਬੇਨਤੀ ਹੈ ਕਿ ਇੰਟਰਨੈੱਟ 'ਤੇ ਜੇ ਕਿਤਿਓਂ ਇਹ ਲਿੰਕ ਕਲਿੱਕ ਹੋ ਜਾਵੇ ਤਾਂ ਬੁਰਾ ਨਾ ਮਨਾਇਓ, ਆਪਾ-ਪੜਚੋਲ ਜ਼ਰੂਰ ਕਰਿਓ ਕਿ ਤੁਹਾਨੂੰ ਇਹੋ ਜਿਹੀ ਕਿਹੜੀ ਸਮਝ ਆ ਗਈ ਹੈ ਕਿ ਤੁਸੀਂ ਸਟੇਟ ਤੇ ਪੁਲਿਸ ਨਾਲ ਆਢਾ ਲਾਉਣ ਨੂੰ ਹੀ 'ਜੀਵਨ ਨੀਤੀ' ਮਿੱਥ ਲਿਐ। ਮੈਂ ਤਾਂ ਗਿਣਾਅ ਹੀ ਚੁੱਕਾ ਹਾਂ ਕਿ ਘਟੀਆ ਬਾਲੀਵੁੱਡ ਫਿਲਮਾਂ, ਵਾਹਯਾਤ ਪੰਜਾਬੀ ਗਾਇਕੀ ਤੇ ਸਰਕਾਰਾਂ ਦੀ ਨਖਿੱਧ ਭੂਮਿਕਾ ਕਾਰਨ ਤੁਸੀਂ ਇਹ ਕੁਰਾਹਾ ਚੁਣਿਆ ਹੈ ਪਰ ਭਰਾਓ ਤੁਸੀਂ ਆਪਣਾ ਪੜ੍ਹਿਆ ਵਿਚਾਰੋ, ਤੁਹਾਡੇ 'ਨਾਇਕ' ਕਿੱਥੇ ਹਨ? ਸੋਚੋ! ਕੀ ਸਿਰਫ ਚਾਰ ਦਿਨਾਂ ਦੀ ਚਕਾਚੌਂਧ ਤੇ ਫੇਰ ਮੁਕਾਬਲੇ ਵਿਚ ਮਾਰੇ ਜਾਣਾ ਹੀ ਤੁਹਾਡੀ ਹੋਣੀ ਸੀ, ਕੀ ਕਿਸੇ ਜਵਾਨ ਮੁੰਡੇ ਦੇ ਮਾਪੇ ਉਸ ਨੂੰ ਏਸ ਕਰ ਕੇ ਜੰਮਦੇ ਤੇ ਵੱਡਾ ਕਰਦੇ ਨੇ ਕਿ ਮੁੰਡਾ ਮੁੜ ਕੇ ਸਰਕਾਰ ਦੇ ਸੇਵਕਾਂ ਹੱਥੋਂ ਮਾਰਿਆ ਜਾਵੇ। ਸੋਚੋ! ਕੌਣ ਨੇ ਉਹ ਘਾਗ ਸਿਆਸੀ ਬੰਦੇ ਜਿਹੜੇ ਇਹ ਕੁ-ਚੱਕਰ ਸਿਰਜਦੇ ਹਨ, ਉਹ ਆਪਣੀ ਚਮੜੀ ਤਾਂ ਸੁਰੱਖਿਅਤ ਰੱਖਦੇ ਹਨ ਪਰ ਗ਼ੈਰਾਂ ਦੇ ਪੁੱਤਰ ਮਰਵਾ ਕੇ ਮੁੜ ਕੇ ਭੋਗਾਂ 'ਤੇ ਭਾਸ਼ਣ ਝਾੜਣ ਆ ਜਾਂਦੇ ਹਨ। ਗੈਂਗਸਟਰਾਂ ਨਾਲੋਂ ਵੱਡੇ ਘਾਗ ਅਪਰਾਧੀ ਵੀ ਇਸ ਦੁਨੀਆਂ ਵਿਚ ਬੈਠੇ ਹਨ।

(8)

ਸੋਚੋ ਤਾਂ ਸਹੀ! ਕਿੰਨੀ ਜ਼ਾਲਿਮ ਹੈ ਇਹ ਦੁਨੀਆਂ। ਇਕ ਦੇਸ ਤੋਂ ਦੂਜੇ ਦੇਸ ਜਾਣ ਲਈ ਵੀਜ਼ਾ ਲੁਆਉਣਾ ਪੈਂਦਾ ਹੈ, ਵੀਜ਼ਾ ਹਾਸਿਲ ਕਰਨ ਲਈ ਬਹੁਤ ਵੱਡੀ ਜੱਦੋਜਹਿਦ ਕਰਨੀ ਪੈਂਦੀ ਹੈ। ਜਦੋਂ ਇਹ ਧਰਤੀ ਇਕ ਹੈ, ਗਲੋਬ ਇਕ ਹੈ, ਕਿਤੇ ਵੀ ਕੋਈ ਹੱਦ ਜਾਂ ਸਰਹੱਦ ਕੁਦਰਤ ਨੇ ਨਹੀਂ ਬਣਾਈ ਤਾਂ ਦੇਸ਼ਾਂ/ਰਾਸ਼ਟਰਾਂ ਦੇ ਮੁਖੀਆਂ ਨੂੰ ਇਹ ਸਰਬਕਾਲੀ ਹੱਕ ਅਸੀਂ ਕਿਉਂ ਦਿੱਤਾ ਹੈ ਕਿ ਅਸੀਂ ਆਪਣੇ ਵਰਗੇ ਮਨੁੱਖਾਂ ਨੂੰ ਮਿਲ ਨਹੀਂ ਸਕਦੇ, ਉਨ੍ਹਾਂ ਦੇ ਮੁਲਕਾਂ ਵਿਚ ਨਹੀਂ ਜਾ ਸਕਦੇ। ਹੋਰ ਤਾਂ ਹੋਰ, ਗੁਆਂਢੀ ਮੁਲਕ ਜਾਣ ਲਈ ਸੌ ਰੱਫੜ ਕਰਨੇ ਪੈਣਗੇ। ਹਰ ਮੁਲਕ ਦੀ ਅੰਦਰੂਨੀ ਸਰਮਾਏਦਾਰੀ ਨੇ ਪੁਲਿਸ ਤੇ ਸਟੇਟ ਦੀਆਂ ਹੋਰਨਾਂ ਤਾਕਤਾਂ ਨੂੰ ਕੱਠਪੁਤਲੀ ਵਾਂਗ ਨਚਾਇਆ ਹੋਇਆ ਹੈ, ਹਰ ਪਾਸੇ ਜਾਤ-ਪਾਤ ਅਧਾਰਤ ਨਫ਼ਰਤ ਹੈ, ਵਰਗ ਅਧਾਰਤ ਮੁਕਾਬਲੇ ਹਨ, ਵਣ-ਮਾਨਸਾਂ ਦੇ ਜ਼ਮਾਨੇ ਤੋਂ ਤੁਰੇ ਆਉਂਦੇ ਵਹਿਮ ਹਨ, ਇਕ ਦੇਸ ਦੀ ਸਰਮਾਏਦਾਰੀ ਆਪਣੀ ਜਨਤਾ ਨੂੰ ਦੂਜੇ ਦੇਸ ਦੇ ਆਮ ਲੋਕਾਂ ਨਾਲ ਨਫ਼ਰਤ ਕਰਨਾ ਸਿਖਾਉਂਦੀ ਹੈ, ਇਹ ਸਾਰੇ ਉਹ ਖੇਤਰ ਹਨ, ਜਿਨ੍ਹਾਂ ਵਿਚ ਕੁੱਦ ਕੇ ਅਸੀਂ ਮਾਰਕਾਖ਼ੇਜ਼ ਕੰਮ ਕਰ ਸਕਦੇ ਹੁੰਦੇ ਹਾਂ। ਅਮਨ-ਕਾਨੂੰਨ ਬਹਾਲ ਰੱਖਣ ਦੇ ਨਾਂਅ 'ਤੇ ਸਰਕਾਰਾਂ ਕੀ ਨਹੀਂ ਕਰਦੀਆਂ? ਅਮਨ-ਅਮਾਨ ਬਹਾਲ ਰੱਖਣ ਦੇ ਨਾਂਅ 'ਤੇ ਕਿੰਨੀਆਂ ਨਾ-ਵਾਜਿਬ ਜੰਗਾਂ ਮਾਸੂਮਾਂ 'ਤੇ ਥੋਪ ਦਿੱਤੀਆਂ ਗਈਆਂ ਹਨ। ਇਹ ਮਜ਼ਲੂਮ ਰੋਹਿੰਗਿਆ ਮੁਸਲਮਾਨ ਕੌਣ ਹਨ? ਇਰਾਕੀ ਜਾਂ ਇਰਾਨੀ ਜਨਤਾ ਦਾ ਘਾਣ ਕੌਣ ਕਰਦਾ ਪਿਆ ਹੈ? ਸਰੱਹਦਾਂ 'ਤੇ ਇਕ-ਦੂਜੇ ਦੇਸ ਦੇ ਸੈਨਿਕ ਦੀ ਗੋਲੀ ਖਾਣ ਵਾਲੇ ਗ਼ਰੀਬ ਫ਼ੌਜੀ ਕਿਸੇ ਮਾਂ ਦੇ ਪੁੱਤ ਨਹੀਂ ਹੁੰਦੇ? ਕਿਉਂ ਹਥਿਆਰਾਂ ਦੇ ਦਲਾਲ ਤੇ ਹਥਿਆਰਾਂ ਦੇ ਕਾਰਖ਼ਾਨੇਦਾਰ ਦੁਨੀਆਂ ਨੂੰ ਰਾਸ਼ਟਰਾਂ/ਕੌਮਾਂ ਦੇ ਨਾਂਅ 'ਤੇ ਲੜਾ ਕੇ ਰੱਖਦੇ ਹਨ? ਕਿਉਂ ਇਹ ਜ਼ੁਲਮ ਲਗਾਤਾਰ ਹੁੰਦਾ ਰਹਿੰਦਾ ਹੈ। ਗੈਂਗਸਟਰ ਕਾਕੇ ਹੀ ਕਿਉਂ, ਹਰ ਸਿਰ ਵਾਲੇ ਬੰਦੇ ਨੂੰ ਇਹ ਸੋਚਣਾ ਪਵੇਗਾ ਕਿ ਹਰ ਦੇਸ ਦੀ ਵੱਡੀ ਸਰਮਾਏਦਾਰੀ ਕੀ ਕਰਦੀ ਹੈ। ਉਨ੍ਹਾਂ ਨੇ ਆਪੋ-ਆਪਣੇ ਅੱਯਾਸ਼ੀ ਦੇ ਟਾਪੂ ਤੇ ਧਰਤੀ ਉੱਤੇ ਸਵਰਗ ਬਣਾ ਲਏ ਹਨ। ਸੰਸਾਰ ਦੀ ਕੁਲ ਦੌਲਤ 8 ਜਾਂ 10 ਫ਼ੀਸਦ ਬੰਦਿਆਂ ਕੋਲ ਹੈ ਤੇ ਕੁਲ ਦੁਨੀਆਂ 90 ਫ਼ੀਸਦ ਅਬਾਦੀ ਇਨ੍ਹਾਂ ਦੀ ਸੇਵਕਾਈ ਕਰਦੀ ਹੈ। ਬਦਲੇ ਵਿਚ ਮਿਲਦਾ ਕੀ ਹੈ!!! ਸਰਕਾਰੀ ਹਸਪਤਾਲਾਂ ਵਿਚ ਚਲੇ ਜਾਓ, ਇਨਸਾਨਾਂ ਦੀ ਬੇਕਦਰਦੀ ਕੀਤੀ ਜਾਂਦੀ ਹੈ। ਛੋਟੇ-ਛੋਟੇ ਬੱਚਿਆਂ ਨੂੰ ਅਗਵਾ ਕਰ ਕੇ ਉਨ੍ਹਾਂ ਨੂੰ ਵੱਢ-ਟੁੱਕ ਕੇ ਅੰਗ ਵੇਚੇ ਜਾਂਦੇ ਹਨ, ਮਨੁੱਖੀ ਅੰਗਾਂ ਦੀ ਤਸਕਰੀ ਆਮ ਵਰਤਾਰਾ ਹੈ। ਇਹ ਉਹ ਆਲਮੀ ਬੁਰਾਈਆਂ ਹਨ, ਜਿਨ੍ਹਾਂ ਵਿਰੁੱਧ ਜਹਾਦ ਕਰਨ ਦੀ ਜ਼ਰੂਰਤ ਹੈ, ਜਿਨ੍ਹਾਂ ਵਿਰੁੱਧ ਧਰਮ ਯੁੱਧ ਛੇੜਣ ਦੀ ਲੋੜ ਹੈ। ਜਦਕਿ ਸਾਡੀਆਂ ਸਰਕਾਰਾਂ, ਸਾਡੇ ਅਖੌਤੀ ਰਹਿਬਰ ਸਾਨੂੰ ਇਹ ਸਭ ਕੁਝ ਨਹੀਂ ਸਮਝਣ ਦਿੰਦੇ। ਸਾਨੂੰ ਗੁਆਂਢੀ ਮੁਲਕ ਦੇ ਲੋਕਾਂ ਨਾਲ, ਉਨ੍ਹਾਂ ਦੇ ਧਰਮ ਵਿਰੁੱਧ ਭੜਕਾਇਆ ਜਾਂਦਾ ਹੈ ਤਾਂ ਜੋ ਹਰ ਪਾਸੇ ਬਦਅਮਨੀ ਤੇ ਭੈਅ ਦਾ ਮਾਹੌਲ ਬਣਿਆ ਰਹੇ ਤੇ ਇਸੇ ਮਾਹੌਲ ਨੂੰ 'ਅਮਨ-ਕਾਨੂੰਨ' ਦਾ ਵਾਸਤਾ ਦੇ ਕੇ ਬਰਕਰਾਰ ਰੱਖਿਆ ਜਾਵੇ। ਇਹ ਸਭ ਸਾਜ਼ਿਸ਼ਾਂ ਸਾਡੇ ਸਮਿਆਂ ਦੀ ਪੈਦਾਵਾਰ ਹਨ। ਗੈਂਗਸਟਰ ਹੀ ਕਿਉਂ ਹਰ ਤਰ੍ਹਾਂ ਦੇ ਗ਼ਰਮਖ਼ੂਨ ਨੂੰ ਇਹ ਪੱਖ ਵਿਚਾਰਨੇ ਚਾਹੀਦੇ ਹਨ।

ਚਿੱਠੀ ਪੱਤਰੀ ਲਈ- ਸਰੂਪ ਨਗਰ, ਪਿੰਡ ਰਾਓਵਾਲੀ, ਪਠਾਨਕੋਟ ਮਾਰਗ, ਜਲੰਧਰ।

To Know more about YADWINDER SINGH, SENIOR SUB-EDITOR, PUNJABI JAGRAN,JALANDHAR, Please Click-Upon this TEXT or his Photograph

ਸੰਪਰਕ - 94 653 29 617